ਮੀਮਾਂਸਾ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੀਮਾਂਸਾ ਦਰਸ਼ਨ : ਮੀਮਾਂਸਾ ਦਰਸ਼ਨ ਦੇ ਕਰਤਾ ਜੈਮਿਨੀ ਮੁਨੀ ਹਨ। ਇਹ ਸ਼ਾਸਤਰ ਹੋਰ ਸਾਰੇ ਸ਼ਾਸਤਰਾਂ ਤੋਂ ਆਕਾਰ ਵਿੱਚ ਵੱਡਾ ਹੈ। ਇਸ ਵਿੱਚ ਬਾਰਾਂ ਅਧਿਆਇ ਅਤੇ 2731 ਸੂਤਰ ਜਾਂ ਸਲੋਕ ਹਨ। ਮੀਮਾਂਸਾ ਦਰਸ਼ਨ ਦਾ ਪ੍ਰਮੁਖ ਵਿਸ਼ਾ ‘ਧਰਮ’ ਹੈ। ‘ਧਰਮ’ ਦਾ ਗਿਆਨ ਵੇਦਾਂ (ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ) ਤੋਂ ਪ੍ਰਾਪਤ ਹੁੰਦਾ ਹੈ। ਭਾਰਤੀ ਸੱਭਿਆਚਾਰ ਵਿੱਚ ਵੇਦਾਂ ਨੂੰ ਸਭ ਤੋਂ ਵੱਡਾ ਪ੍ਰਮਾਣ ਮੰਨਿਆ ਜਾਂਦਾ ਹੈ।

     ਵੇਦਾਂ ਦੇ ਅਰਥ ਜਾਂ ਧਰਮ ਤੇ ਵਿਚਾਰ ਕਰਨ ਨੂੰ ਹੀ ‘ਮੀਮਾਂਸਾ’ ਕਿਹਾ ਜਾਂਦਾ ਹੈ। ਜਦੋਂ ਤੱਕ ਵੇਦਾਂਤ ਨੂੰ ਇੱਕ ਅਲੱਗ ਦਰਸ਼ਨ ਜਾਂ ਸ਼ਾਸਤਰ ਸਵੀਕਾਰ ਨਹੀਂ ਕੀਤਾ ਸੀ, ਤਦ ਤੱਕ ਮੀਮਾਂਸਾ ਦਰਸ਼ਨ ਦੇ ਦੋ ਭਾਗਾਂ - ਪੂਰਵ ਮੀਮਾਂਸਾ ਅਤੇ ਉੱਤਰ ਮੀਮਾਂਸਾ ਵਿੱਚੋਂ ਉੱਤਰ ਮੀਮਾਂਸਾ ਵੇਦਾਂਤ ਦਾ ਸੰਕਲਪ ਦਿੰਦਾ ਸੀ ਅਤੇ ਪੂਰਵ ਮੀਮਾਂਸਾ, ਮੀਮਾਂਸਾ ਸ਼ਾਸਤਰ ਅਖਵਾਉਂਦਾ ਸੀ।

     ਪੂਰਵ ਮੀਮਾਂਸਾ ਵਿੱਚ ਵੇਦਾਂ ਦੀ ਵਿਚਾਰਧਾਰਾ ਤੇ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ। ਇਸ ਦਾ ਚਿੰਤਨ ਮੰਤਰਾਂ ਅਤੇ ਬ੍ਰਾਹਮਣ ਗ੍ਰੰਥਾਂ ਤੇ ਆਧਾਰਿਤ ਹੈ। ਉੱਤਰ ਮੀਮਾਂਸਾ, ਜਿਹੜਾ ਕਿ ਹੁਣ ਸੁਤੰਤਰ ਵੇਦਾਂਤ ਸ਼ਾਸਤਰ ਬਣ ਗਿਆ ਹੈ, ਉਪਨਿਸ਼ਦਾਂ ਦੇ ਚਿੰਤਨ ਤੇ ਆਧਾਰਿਤ ਹੈ। ਇਸ ਵਿੱਚ ਪਰਮ ਤੱਤ ਬ੍ਰਹਮ ਅਤੇ ਮੂਲ ਸੱਚ ਦਾ ਵਿਵੇਚਨ ਕੀਤਾ ਗਿਆ ਮਿਲਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪੂਰਵ ਮੀਮਾਂਸਾ ਕਰਮ ਪ੍ਰਧਾਨ ਹੈ ਤੇ ਉੱਤਰ ਮੀਮਾਂਸਾ ਵਿਚਾਰ ਪ੍ਰਧਾਨ।

     ਮੀਮਾਂਸਾ ਸ਼ਬਦ ਦਾ ਅਰਥ ਹੈ-ਪ੍ਰਮਾਣਿਕ ਖੋਜਪੂਰਨ ਵਿਵੇਚਨ। ਬ੍ਰਾਹਮਣੀ ਕਰਮਕਾਂਡਾਂ ਅਤੇ ਯੱਗ ਸੰਬੰਧੀ ਪ੍ਰਣਾਲੀਆਂ ਦਾ ਵਿਵੇਚਨ ਹੀ ਮੀਮਾਂਸਾ ਦਾ ਉਦੇਸ਼ ਹੈ। ਮੀਮਾਂਸਾ ਦਰਸ਼ਨ ਦੇ ਤਿੰਨ ਭਾਗ ਹਨ : (1) ਗਿਆਨ ਪ੍ਰਾਪਤੀ ਦੇ ਸਾਧਨਾਂ ਤੇ ਵਿਚਾਰ (2) ਅਧਿਆਤਮ ਦਾ ਵਿਵੇਚਨ ਅਤੇ (3) ਕਰਨਯੋਗ ਅਤੇ ਨਾਕਰਨਯੋਗ ਕਰਮਾਂ ਦੀ ਵਿਆਖਿਆ।

     ਪਹਿਲੇ ਭਾਗ ਮੁਤਾਬਕ ਗਿਆਨ-ਪ੍ਰਾਪਤੀ ਦੇ ਛੇ ਸਾਧਨ ਹਨ :

     1. ਪ੍ਰਤਯਕਸ਼ : ਇਹ ਸਾਕਸ਼ਾਤ ਗਿਆਨ ਹੈ। ਕਿਸੇ ਵਸਤੂ ਨੂੰ ਸਾਮ੍ਹਣੇ ਰੱਖ ਕੇ ਉਸ ਦੇ ਬਾਰੇ ਸਭ ਕੁਝ ਜਾਣ ਲੈਣ ਨੂੰ ਪ੍ਰਤਯਕਸ਼ ਗਿਆਨ ਕਹਿੰਦੇ ਹਨ।

     2. ਅਨੁਮਾਨ : ਨਿਆਇ ਸ਼ਾਸਤਰ ਮੁਤਾਬਕ ਅਨੁਮਾਨ ਗਿਆਨ ਕਲਪਿਤ ਤਾਂ ਹੁੰਦਾ ਹੈ, ਪਰ ਉਸ ਨੂੰ ਪਰਖ ਲੈਣਾ ਜ਼ਰੂਰੀ ਹੁੰਦਾ ਹੈ।

     3. ਉਪਮਾਨ : ਸਹੀ ਗਿਆਨ ਲਈ ਦੂਜੀ ਵਸਤੂ ਨਾਲ ਤੁਲਨਾ ਕਰ ਕੇ ਦੇਖ ਲੈਣ ਨੂੰ ਉਪਮਾਨ ਕਹਿੰਦੇ ਹਨ।

     4. ਸ਼ਬਦ : ਸ਼ਬਦਾਂ ਰਾਹੀਂ ਕੀਤੀ ਵਿਆਖਿਆ ਤੋਂ ਗਿਆਨ ਹੋਣਾ।

     5. ਅਰਥਾਪੱਤੀ : ਇਹ ਪ੍ਰਮਾਣ ਹੈ, ਇੱਕ ਗੱਲ ਨੂੰ ਦੂਸਰੀ ਗੱਲ ਨਾਲ ਪ੍ਰਮਾਣਿਤ ਕਰਨਾ ਅਰਥਾਪੱਤੀ ਹੁੰਦੀ ਹੈ।

     6. ਅਨੁਪਲਬਧੀ (ਅਭਾਵ ਪ੍ਰਮਾਣ) : ਜਿੱਥੇ ਵਸਤੂ ਦੀ ਹੋਂਦ ਹੀ ਨਾ ਹੋਵੇ, ਉੱਥੇ ਉਸ ਦਾ ਗਿਆਨ ਅਭਾਵ ਪ੍ਰਮਾਣ ਜਾਂ ਅਨੁਪਲਬਧੀ ਅਖਵਾਉਂਦਾ ਹੈ।

     ਮੀਮਾਂਸਾ ਦਾ ਦੂਸਰਾ ਭਾਗ ਹੈ, ਅਧਿਆਤਮ ਦਾ ਵਿਵੇਚਨ। ਅਧਿਆਤਮ ਦਾ ਵਿਵੇਚਨ ਕਰਨ ਵਾਲਾ ਮੀਮਾਂਸਾ ਦੇ ਮੁਤਾਬਕ ਇਸ ਸੰਸਾਰ ਅਤੇ ਸੰਸਾਰ ਦੀਆਂ ਵਸਤੂਆਂ ਨੂੰ ਯਥਾਰਥ ਮੰਨਦਾ ਹੈ। ਉਸ ਦੇ ਲਈ ਨਾ ਇਹ ਜਗਤ ਮਿਥਿਆ ਹੈ ਤੇ ਨਾ ਹੀ ਥੋੜ੍ਹੇ ਵਿੱਚ ਨਾਸ਼ਵਾਨ (ਕਸ਼ਨਿਕ)। ਹਰ ਮਨੁੱਖ ਵਿੱਚ ਅਲੱਗ ਆਤਮਾ ਹੈ, ਜੋ ਸ਼ਰੀਰ ਦੇ ਨਸ਼ਟ ਹੋਣ ਤੇ ਉਸ ਦੇ ਨਾਲ ਨਸ਼ਟ ਨਹੀਂ ਹੁੰਦੀ। ਆਤਮਾ ਕਰਮਾਂ ਦੇ ਮੁਤਾਬਕ ਬਾਰ-ਬਾਰ ਸਰੀਰ ਧਾਰਨ ਕਰਦੀ ਹੈ। ਆਤਮਾ ਹੀ ਮੁਕਤੀ ਪ੍ਰਾਪਤ ਕਰਦੀ ਹੈ।

     ਤੀਸਰੇ ਭਾਗ ਵਿੱਚ ਕਰਨਯੋਗ ਅਤੇ ਨਾ-ਕਰਨ ਯੋਗ ਕਰਮਾਂ ਦਾ ਵਿਵੇਚਨ ਹੈ। ਵੇਦਾਂ ਵਿੱਚ ਦੱਸੇ ਸਭ ਕਰਮ ਕਰਨਯੋਗ ਹਨ, ਕਿਉਂਕਿ ਵੇਦ ਪਰਾਭੌਤਿਕ ਅਤੇ ਪਰਿਪੂਰਨ ਹਨ। ਵੇਦਾਂ ਦੇ ਕਥਨ ਅਨੁਸਾਰ ਕਾਰਜ ਕਰਦੇ ਹੋਏ ਸਾਨੂੰ ਉਸ ਦੇ ਫਲ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ।

     ਮੀਮਾਂਸਾ ਦਰਸ਼ਨ ਦਾ ਮੁੱਖ ਉਦੇਸ਼ ਸਵਰਗ ਦੀ ਪ੍ਰਾਪਤੀ ਹੈ। ਸਵਰਗ ਨਿਸ਼ਕਾਮ ਕਰਮਾਂ ਅਤੇ ਆਤਮਿਕ ਗਿਆਨ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਆਤਮਿਕ ਗਿਆਨ ਨਾਲ ਪੂਰਬਲੇ ਕਰਮ ਸੜ ਜਾਂਦੇ ਹਨ ਅਤੇ ਨਵੇਂ ਕਰਮ ਨਿਸ਼ਕਾਮ ਭਾਵ ਨਾਲ ਕੀਤੇ ਜਾਂਦੇ ਹਨ। ਭਾਵ ਇਹ ਕਿ ਮਨੁੱਖ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਦੁੱਖ ਕਰਮਾਂ ਨਾਲ ਜੁੜਿਆ ਹੁੰਦਾ ਹੈ, ਅਰਥਾਤ ਕਰਮਾਂ ਤੋਂ ਮੁਕਤੀ ਹੀ ਦੁੱਖਾਂ ਤੋਂ ਮੁਕਤੀ ਹੈ। ਇਹ ਕੋਈ ਠੋਸ ਅਵਸਥਾ ਨਹੀਂ।

     ਮੀਮਾਂਸਾ ਵਿੱਚ ਯੱਗਾਂ ਦਾ ਵਿਸਤਾਰ ਨਾਲ ਵਰਣਨ ਹੈ। ਮੀਮਾਂਸਕ ਮੰਨਦੇ ਹਨ ਕਿ ਹਰ ਕਰਮ ਆਪਣਾ ਫਲ ਖ਼ੁਦ ਪੈਦਾ ਕਰਦਾ ਹੈ। ਫਲ ਦਾ ਦਾਤਾ ਕੋਈ ਨਹੀਂ, ਜਦ ਕਿ ਗੀਤਾ ਵਿੱਚ ਫਲ ਦੇਣ ਵਾਲੀ ਅਲੱਗ ਸ਼ਕਤੀ ਮੰਨੀ ਹੈ। ਮੀਮਾਂਸਾ ਵਿੱਚ ਕਰਮ ਦੀਆਂ ਤਿੰਨ ਸ਼੍ਰੇਣੀਆਂ ਹਨ-ਜ਼ਰੂਰੀ ਕਰਮ (ਅਨਿਵਾਰਯ ਕਾਰਜ), ਇੱਛਾ ਅਨੁਸਾਰ ਕੀਤੇ ਕਰਮ ਅਤੇ ਨਿਸ਼ਿੱਧ (ਮਨਾ ਕੀਤੇ ਗਏ) ਕਰਮ।

     ਅਨਿਵਾਰਯ ਜਾਂ ਜ਼ਰੂਰੀ ਕਰਮ ਉਹ ਕਰਮ ਹਨ, ਜਿਨ੍ਹਾਂ ਦਾ ਵਿਧਾਨ ਵੇਦਾਂ ਵਿੱਚ ਕੀਤਾ ਹੈ। ਇਹਨਾਂ ਕਰਮਾਂ ਦਾ ਨਾ ਕਰਨਾ ਪਾਪ ਹੈ। ਇੱਛਾ ਅਨੁਸਾਰ ਕੀਤੇ ਜਾਣ ਵਾਲੇ ਕਰਮ ਜੇਕਰ ਨੈਤਿਕ ਹੋਣ ਤਾਂ ਯਸ਼ ਪ੍ਰਾਪਤ ਹੁੰਦਾ ਹੈ। ਨਿਸ਼ਿੱਧ ਕਰਮਾਂ ਤੋਂ ਹਾਨੀ ਹੁੰਦੀ ਹੈ।

     ਮੀਮਾਂਸਕ ਬ੍ਰਾਹਮਣ ਗ੍ਰੰਥਾਂ ਅਤੇ ਵੇਦਾਂ ਦਾ ਸਤਿਕਾਰ ਕਰਦੇ ਹਨ, ਕਿਉਂਕਿ ਧਾਰਮਿਕ ਕਰਮਕਾਂਡ ਲਈ ਰਾਹ ਉਹਨਾਂ ਗ੍ਰੰਥਾਂ ਵਿੱਚ ਹੀ ਦੱਸਿਆ ਗਿਆ ਹੈ। ਮਾਨਵ ਜੀਵਨ ਦਾ ਆਧਾਰ ਕਰਮ ਹੈ। ਕਰਮ ਬਿਨਾਂ ਗਿਆਨ ਭੀ ਬੇਕਾਰ ਹੈ ਅਤੇ ਮਨੁੱਖ ਆਪਣੇ ਉਦੇਸ਼ ਨੂੰ ਕਰਮ ਦੇ ਬਗੈਰ ਹਾਸਲ ਨਹੀਂ ਕਰ ਸਕਦਾ।

     ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਮੀਮਾਂਸਾ ਦਰਸ਼ਨ ਦੇ ਮੁਤਾਬਕ ਧਰਮ ਦਾ ਪੂਰਨ ਗਿਆਨ ਹੀ ਮੁਕਤੀ ਦਾ ਸਾਧਨ ਹੈ। ਵੇਦਾਂ ਵਿੱਚ ਦੱਸੇ ਢੰਗ ਨਾਲ ਯੱਗ ਆਦਿ ਕਰਨਾ ਹੀ ਧਰਮ ਹੈ। ਕਰਮ ਦੇ ਪ੍ਰਭਾਵ ਤੋਂ ਹੀ ਜੀਵ ਨੂੰ ਉੱਚੀਆਂ ਜੋਨੀਆਂ, ਜਿਵੇਂ ਦੇਵਤਾ ਜਾਂ ਅਵਤਾਰ ਤੱਕ ਪ੍ਰਾਪਤ ਹੁੰਦੀਆਂ ਹਨ। ਮੀਮਾਂਸਾ ਦੇ ਅਨੁਸਾਰ ਮੁਕਤੀ ਦਾ ਰੂਪ ਸਵਰਗ ਵਿੱਚ ਵਾਸ ਕਰਨਾ ਹੈ। ਵੇਦ ਸ਼ਾਸ਼ਵਤ (ਸਦਾ ਹੋਂਦ ਵਿੱਚ ਰਹਿਣ ਵਾਲੇ) ਅਤੇ ਸਵਯੰਭੂ (ਆਪਣੇ- ਆਪ ਹੋਂਦ ਵਿੱਚ ਆਉਣ ਵਾਲੇ) ਹਨ। ਮਨੁੱਖ ਨੂੰ ਵੇਦਾਂ ਵਿੱਚ ਦੱਸਿਆ ਕਰਮ-ਵਿਧਾਨ ਅਪਣਾਉਣਾ ਚਾਹੀਦਾ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.